ਬੁੱਧਵਾਰ, ਜੁਲਾਈ 22, 2026
3:17 ਪੂਃ ਦੁਃ
Google search engine
HomePunjab Chandigarhਚੰਡੀਗੜ੍ਹ ਵਿਖੇ ਖਜ਼ਾਨਾ ਦਫਤਰ ਦੇ ਬਾਹਰ ਡਾਇਰੈਕਟੋਰੇਟਾਂ ਅਤੇ ਸਕੱਤਰੇਤ ਦੇ ਮੁਲਾਜ਼ਮਾਂ ਕੀਤੀ...

ਚੰਡੀਗੜ੍ਹ ਵਿਖੇ ਖਜ਼ਾਨਾ ਦਫਤਰ ਦੇ ਬਾਹਰ ਡਾਇਰੈਕਟੋਰੇਟਾਂ ਅਤੇ ਸਕੱਤਰੇਤ ਦੇ ਮੁਲਾਜ਼ਮਾਂ ਕੀਤੀ ਪੰਜਾਬ ਸਰਕਾਰ ਖਿਲਾਫ ਰੋਸ ਰੈਲੀ

ਚੰਡੀਗੜ੍ਹ, 24 ਜੂਨ
ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਚੰਡੀਗੜ੍ਹ ਦੀ ਕੋਆਰਡੀਨੇਸ਼ਨ ਕਮੇਟੀ ਵੱਲੋਂ 17 ਜੁਲਾਈ ਦੀ ਸੂਬਾ ਪੱਧਰੀ ਰੋਸ ਰੈਲੀ ਵਾਸਤੇ ਮੁਲਾਜ਼ਮਾਂ ਦੀ ਲਾਮਬੰਦੀ ਲਈ ਅੱਜ ਖਜਾਨਾ ਦਫਤਰ (ਪੰਜਾਬ) ਸੈਕਟਰ-17, ਚੰਡੀਗੜ੍ਹ ਵਿਖੇ ਇੱਕ ਭਰ੍ਹਵੀਂ ਰੋਸ ਰੈਲੀ ਕੀਤੀ ਗਈ।

ਰੈਲੀ ਵਿੱਚ ਚੰਡੀਗੜ੍ਹ ਦੇ ਡਾਇਰੈਕੋਰੇਟ ਅਤੇ ਸਕੱਤਰੇਤ ਦੇ ਵੱਡੀ ਗਿਣਤੀ ਮੁਲਾਜ਼ਮ ਸ਼ਾਮਿਲ ਹੋਏ।

ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਪੰਜਾਬ ਸਰਕਾਰ ਦੀ ਮੁਲਾਜ਼ਮਾਂ ਪ੍ਰਤੀ ਮਾਨਸਿਕਤਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ “ਆਪ” ਸਰਕਾਰ ਆਪਣੇ ਕਰਮਚਾਰੀਆਂ ਦੀਆਂ ਮੰਗਾਂ ਤਾਂ ਕੀ ਮੰਨਣੀਆਂ ਹਨ, ਸਗੋਂ ਉਹਨਾਂ ਦੀ ਤਨਖਾਹ ਦਾ ਹਿੱਸਾ ਡੀ.ਏ. ਦੇਣ ਤੋਂ ਵੀ ਮੁਨਕਰ ਹੈ।

ਮੁਲਾਜ਼ਮ ਆਗੂ ਸੁਖਚੈਨ ਖਹਿਰਾ ਨੇ ਕਿਹਾ ਕਿ ਆਪ ਸਰਕਾਰ ਪੰਜਾਬ ਦੀ ਨੌਜਵਾਨ ਪੀੜ੍ਹੀ ਅਤੇ ਆਮ ਅਵਾਮ ਨਾਲ ਧੋਖਾ ਕਰ ਰਹੀ ਹੈ ਕਿਉਂਕਿ ਲੋਕਾਂ ਦੁਆਰਾ ਚੁਣੇ ਹੋਏ ਨੁਮਾਇੰਦੇ ਅਰਥਾਤ ਵਿਧਾਇਕਾਂ ਨੂੰ ਤਾਂ ਪਹਿਲੀਆਂ ਸਰਕਾਰਾਂ ਵੱਲੋਂ ਦਿੱਤੀ ਜਾ ਰਹੀ ਪੈਨਸ਼ਨ ਨਾਲੋਂ ਛੇ ਗੁਣਾਂ ਵੱਧ ਪੈਨਸ਼ਨ ਦਿੱਤੀ ਜਾ ਰਹੀ ਹੈ ਅਤੇ ਨੌਜਵਾਨਾਂ ਨੂੰ ਪੈਨਸ਼ਨ ਦੇ ਨਾਂ ‘ਤੇ ਲੁੱਟਿਆ ਜਾ ਰਿਹਾ ਹੈ। ਇਸੇ ਤਰ੍ਹਾਂ ਸਮਾਜ ਵਿਚੋਂ ਨਵੇਂ ਆ ਰਹੇ ਨੌਜਵਾਨ ਕਰਮਚਾਰੀਆਂ ਨੂੰ ਕੇਂਦਰ ਦੇ ਘੱਟ ਪੇ-ਸਕੇਲ ਅਤੇ ਪੰਜਾਬ ਦੇ ਘੱਟ ਭੱਤਿਆਂ ਨਾਲ ਨਵਾਜ ਕੇ ਦੋਹਰੀ ਮਾਰ ਮਾਰੀ ਜਾ ਰਹੀ ਹੈ।

ਮੁਲਾਜ਼ਮ ਆਗੂਆਂ ਨੇ ਆਊਟਸੋਰਸ ਸਿਸਟਮ ਨੂੰ ਗੁਲਾਮ ਪ੍ਰਥਾ ਨਾਲ ਤੁਲਨਾ ਕਰਦੇ ਹੋਏ ਕਿਹਾ ਕਿ ਇਸ ਨੂੰ ਤੁਰੰਤ ਬੰਦ ਕਰਕੇ ਕਰਮਚਾਰੀਆਂ ਨੂੰ ਪੱਕੇ ਤੌਰ ਸਰਕਾਰੀ ਨੌਕਰੀ ਵਿੱਚ ਰੱਖਿਆ ਜਾਵੇ। ਉਹਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਮੁਲਾਜ਼ਮਾਂ ਦੀਆਂ ਮੰਗਾਂ ਦੀ ਤੁਰੰਤ ਪੂਰਤੀ ਕੀਤੀ ਜਾਵੇ, ਨਹੀਂ ਤਾਂ ਸਰਕਾਰ ਨੂੰ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈਣਗੇ।

ਮੁਲਾਜ਼ਮ ਆਗੂਆਂ ਨੇ ਮੰਗ ਕੀਤੀ ਕਿ ਉਹਨਾਂ ਦਾ 18 ਪ੍ਰਤੀਸ਼ਤ ਡੀ.ਏ., ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਰਿਟਾਇਰੀ ਕਰਮਚਾਰੀਆਂ ਨੂੰ 2.59 ਦਾ ਗੁਣਾਂਕ ਤੁਰੰਤ ਦਿੱਤਾ ਜਾਵੇ, ਆਉਟਸੋਰਸ ਅਤੇ ਕੰਟਰੈਕਚੂਅਲ ਕਰਮਚਾਰੀਆਂ ਨੂੰ ਸਰਕਾਰ ਅਧੀਨ ਲੈਣ ਉਪਰੰਤ ਪੂਰੀਆਂ ਤਨਖਾਹਾਂ ਦਿੱਤੀਆਂ ਜਾਣ ਅਤੇ ਮਿਤੀ 15 ਜਨਵਰੀ 2015 ਅਤੇ 17 ਜੁਲਾਈ 2020 ਦਾ ਪੱਤਰ ਤੁਰੰਤ ਰੱਦ ਕੀਤਾ ਜਾਵੇ।

ਅੱਜ ਦੀ ਰੈਲੀ ਵਿੱਚ ਸਿਵਲ ਸਕੱਤਰੇਤ ਦੇ ਸੁਸ਼ੀਲ ਕੁਮਾਰ ਫੌਜੀ, ਸਾਹਿਲ ਸ਼ਰਮਾ, ਮਨਜੀਤ ਸਿੰਘ ਰੰਧਾਵਾ, ਬਲਰਾਜ ਸਿੰਘ ਦਾਊਂ, ਸਾਮ ਲਾਲ ਸ਼ਰਮਾ, ਸਿਕੰਦਰ ਸਿੰਘ, ਅਲਕਾ ਚੋਪੜਾ ਅਤੇ ਡਾਇਰੈਕਟੋਰੇਟ ਤੋਂ ਹਰਨੇਕ ਸਿੰਘ, ਸੁਖਚੈਨ ਸਿੰਘ, ਮਨਪ੍ਰੀਤ ਸਿੰਘ, ਅਮਨਦੀਪ ਸਿੰਘ, ਜਸਬੀਰ ਸਿੰਘ, ਹਰਚਰਨਜੀਤ ਸਿੰਘ, ਕਮਲਪ੍ਰੀਤ ਸਿੰਘ, ਚੰਦਰ ਦੀਪ, ਸਤਨਾਮ ਸਿੰਘ ਅਤੇ ਹੋਰ ਆਗੂ ਵੀ ਸਾਮਿਲ ਹੋਏ।

ਫੋਟੋ ਕੈਪਸ਼ਨ:
ਸੈਕਟਰ 17 ਚੰਡੀਗੜ੍ਹ ਵਿਖੇ ਖਜ਼ਾਨਾ ਦਫਤਰ ਦੇ ਬਾਹਰ ਡਾਇਰੈਕਟੋਰੇਟਾਂ ਅਤੇ ਸਕੱਤਰੇਤ ਦੇ ਮੁਲਾਜ਼ਮਾਂ ਕੀਤੀ ਪੰਜਾਬ ਸਰਕਾਰ ਖਿਲਾਫ ਰੋਸ ਰੈਲੀ

RELATED ARTICLES
- Advertisment -
Google search engine

Most Popular