ਚੰਡੀਗੜ੍ਹ, 8 ਜੂਨ:
ਪੰਜਾਬ ਦੇ ਮਾਲ, ਮੁੜ-ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਅੱਜ 33 ਪਟਵਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ।
ਇਥੇ ਪੰਜਾਬ ਭਵਨ ਵਿਖੇ ਨਿਯੁਕਤੀ ਪੱਤਰ ਵੰਡ ਸਮਾਗਮ ਦੌਰਾਨ ਹਰਦੀਪ ਸਿੰਘ ਮੁੰਡੀਆਂ ਨੇ ਨਵ-ਨਿਯੁਕਤ ਪਟਵਾਰੀਆਂ ਨੂੰ ਮੁਬਾਰਕਬਾਦ ਦਿੱਤੀ। ਕੈਬਨਿਟ ਮੰਤਰੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਨੇਹਾ ਪਟਵਾਰੀਆਂ ਨਾਲ ਸਾਂਝਾ ਕਰਦਿਆਂ ਉਨ੍ਹਾਂ ਨੂੰ ਹਮੇਸ਼ਾ ਇਮਾਨਦਾਰੀ ਅਤੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣ ਲਈ ਪ੍ਰੇਰਿਆ।
ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਭ੍ਰਿਸ਼ਟਾਚਾਰ ਵਿੱਚ ਗ਼ਲਤਾਨ ਰਹੀਆਂ ਹਨ ਪਰ ਮਾਨ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਸਖ਼ਤੀ ਨਾਲ ਅਪਣਾਈ ਹੋਈ ਹੈ। ਉਨ੍ਹਾਂ ਕਿਹਾ ਕਿ ਨਵੇਂ ਪਟਵਾਰੀਆਂ ਦੇ ਮੋਢਿਆਂ ‘ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਅਤੇ ਉਹ ਇਸ ਜ਼ਿੰਮੇਵਾਰੀ ਨੂੰ ਦਿੜ੍ਹਤਾ ਨਾਲ ਨਿਭਾਉਣ ਅਤੇ ਲੋਕਾਂ ਦੇ ਕੰਮਾਂ ਨੂੰ ਤਰਜੀਹੀ ਆਧਾਰ ‘ਤੇ ਕਰਨ। ਉਨ੍ਹਾਂ ਸੁਚੇਤ ਕੀਤਾ ਕਿ ਸਰਕਾਰੀ ਮੁਲਾਜ਼ਮਾਂ ਦੀਆਂ ਭ੍ਰਿਸ਼ਟ ਗਤੀਵਿਧੀਆਂ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਸਾਫ਼-ਸੁਥਰੀਆਂ, ਪਾਰਦਰਸ਼ੀ ਅਤੇ ਜਵਾਬਦੇਹ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਭਰਤੀ ਕੀਤੇ ਗਏ ਇਨ੍ਹਾਂ ਪਟਵਾਰੀਆਂ ਨੇ 18 ਮਹੀਨਿਆਂ ਦੀ ਲਾਜ਼ਮੀ ਸਿਖਲਾਈ ਪੂਰੀ ਕਰ ਲਈ ਹੈ ਅਤੇ ਅੱਜ ਨਿਯੁਕਤੀ ਪੱਤਰ ਮਿਲਣ ਪਿੱਛੋਂ ਇਹ ਪਟਵਾਰੀ ਫੀਲਡ ਵਿੱਚ ਬਤੌਰ ਰੈਗੂਲਰ ਪਟਵਾਰੀ ਤੈਨਾਤ ਹੋ ਜਾਣਗੇ।
ਸ. ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਯੋਗ ਉਮੀਦਵਾਰਾਂ ਦੀ ਵਿਭਾਗੀ ਪ੍ਰੀਖਿਆ ਸਾਲ 2025 ਪੜਾਅਵਾਰ ਦੋ ਵਾਰ ਲਈ ਗਈ ਸੀ। ਇਸ ਪ੍ਰੀਖਿਆ ਵਿੱਚੋਂ ਕੁੱਲ 512 ਉਮੀਦਵਾਰਾਂ ਨੇ ਵਿਭਾਗੀ ਪ੍ਰੀਖਿਆ ਪਾਸ ਕੀਤੀ। ਇਨ੍ਹਾਂ ਵਿੱਚੋਂ 464 ਉਮੀਦਵਾਰ ਪਹਿਲਾਂ ਹੀ ਬਤੌਰ ਰੈਗੂਲਰ ਪਟਵਾਰੀ ਫੀਲਡ ਵਿੱਚ ਸੇਵਾਵਾਂ ਨਿਭਾਅ ਰਹੇ ਹਨ ਅਤੇ 33 ਪਟਵਾਰੀ (ਉਮੀਦਵਾਰਾਂ) ਨੂੰ ਅੱਜ ਨਿਯੁਕਤੀ ਪੱਤਰ ਦੇਣ ਉਪਰੰਤ ਇਨ੍ਹਾਂ ਨੂੰ ਫੀਲਡ ਵਿੱਚ ਬਤੌਰ ਰੈਗੂਲਰ ਪਟਵਾਰੀ ਤੈਨਾਤ ਕੀਤਾ ਜਾਵੇਗਾ।
ਵਧੀਕ ਮੁੱਖ ਸਕੱਤਰ-ਕਮ-ਵਿੱਤ ਕਮਿਸ਼ਨਰ ਮਾਲ ਸ੍ਰੀ ਅਨੁਰਾਗ ਵਰਮਾ ਨੇ ਨਵ-ਨਿਯੁਕਤ ਪਟਵਾਰੀਆਂ ਦਾ ਵਿਭਾਗ ਵਿੱਚ ਰਸਮੀ ਤੌਰ ਉੱਤੇ ਸ਼ਾਮਲ ਹੋਣ ਉੱਤੇ ਸਵਾਗਤ ਕੀਤਾ।
ਉਨ੍ਹਾਂ ਕਿਹਾ ਕਿ ਨਵੇਂ ਪਟਵਾਰੀਆਂ ਨੂੰ ਭਰਤੀ ਕਰਨ ਦਾ ਉਦੇਸ਼ ਆਮ ਲੋਕਾਂ ਦੀ ਸਹੂਲਤ ਲਈ ਮਾਲ ਵਿਭਾਗ ਦੇ ਕੰਮਕਾਜ ਨੂੰ ਸੁਚਾਰੂ ਬਣਾਉਣਾ ਹੈ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਲੋਕਾਂ ਨੂੰ ਬਿਨਾਂ ਕਿਸੇ ਦੇਰੀ ਦੇ ਸਮਾਂਬੱਧ ਢੰਗ ਨਾਲ ਮੁਸ਼ਕਲ ਰਹਿਤ ਸਹੂਲਤਾਂ ਮਿਲ ਸਕਣ।



